ਬਟਵਾਰਾ

"ਬਟਵਾਰਾ"


ਭਿਆਨਕ ਐਕਸੀਡੈਂਟ ਕਾਰਨ ਆਖਰੀ ਸਾਹਾਂ ਤੇ ਆਏ ਹਸਪਤਾਲ ਵਿੱਚ ਵੇਂਟੀਲੇਟਰ ਉੱਪਰ ਲੰਮੇ ਪਏ ਛੋਟੇ ਭਰਾ ਵੱਲੋਂ ਵੱਡੇ ਭਰਾ ਨੂੰ 'ਆਖਰੀ ਵਾਰ ਮਿਲਣ' ਦਾ ਸਨੇਹਾ ਪਹੁੰਚਣ ਤੇ,10 ਸਾਲ ਪੁਰਾਣੀ ਨਿੱਕੀ ਜਿਹੀ ਝੜਪ ਕਰਕੇ ਦੋਵਾਂ ਸਕਿਆਂ ਭਰਾਵਾਂ ਵਿੱਚ ਆਈ ਤਰੇੜ, ਐਕਸੀਡੈਂਟ ਦੀ ਖ਼ਬਰ ਸੁਣ ਕੇ, ਪੂਰੀ ਗਈ।
ਹਸਪਤਾਲ ਪਹੁੰਚ ਕੇ ਡਾਕਟਰ ਵੱਲੋਂ ਇੰਤਜ਼ਾਰ ਕਰਨ ਲਈ ਆਖੇ ਜਾਣ ਤੋਂ ਵੱਡੇ ਨੂੰ ਡਾਕਟਰ ਤੇ ਗੁੱਸਾ ਵੀ ਆਇਆ ਕਿਉਂਕਿ ਹੁਣ ਉਹ ਆਪਣੇ ਨਿੱਕੇ ਭਰਾ ਨੂੰ ਗਲਵੱਕੜੀ ਪਾਉਣ ਵਿੱਚ, ਇੱਕ ਪਲ ਵੀ ਗਵਾਉਣਾ ਨਹੀਂ ਸੀ ਚਾਹੁੰਦਾ।

ICU ਦੀ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਨਿੱਕੇ ਨੂੰ ਔਖੇ ਸਾਹ ਲੈਂਦਿਆਂ ਵੇਖ ਕੇ ਵੱਡੇ ਭਰਾ ਦਾ ਗੱਚ ਭਰ ਆਇਆ ਸੀ। ਇੰਤਜ਼ਾਰ ਕਰਦੇ ਵੱਡੇ ਭਰਾ ਨੂੰ, ਬਜਾਇ ਕੋਈ ਮਾੜਾ ਖ਼ਿਆਲ ਆਉਣ ਦੇ, ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਇੱਕੋ ਵਾਰ ਚ ਚੇਤੇ ਆ ਰਹੀਆਂ ਸਨ। ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਕਿ ਜਦੋਂ ਨਿੱਕਾ ਭਰਾ ਕੋਈ ਸ਼ਰਾਰਤ ਕਰਕੇ ਘਰ ਦੀ ਕੋਈ ਚੀਜ਼ ਤੋੜ ਦੇਂਦਾ ਹੁੰਦਾ ਸੀ ਤਾਂ ਵੱਡਾ ਸਾਰੀ ਗਲਤੀ ਖ਼ੁਦ ਉੱਪਰ ਲੈਕੇ ਪਾਪਾ ਤੋਂ ਖ਼ੁਦ ਦੀ ਛਿੱਤਰ ਪਰੇਡ ਕਰਵਾ ਕੇ ਨਿੱਕੇ ਨੂੰ ਬਚਾ ਲੈਂਦਾ ਹੁੰਦਾ ਸੀ। ਪਤਾ ਨਹੀਂ, ਫੇਰ ਉਹ ਕਿਹੜੀ ਗੱਲ ਸੀ ਜਿਸ ਕਰਕੇ ਨਿੱਕਾ ਹੌਲੀ ਹੌਲੀ ਵੱਡੇ ਤੋਂ ਉਖੜਨ ਲੱਗ ਪਿਆ ਸੀ ਅਤੇ ਬਾਅਦ ਵਿੱਚ ਪੈਲੀ ਦੀ ਵੰਡ ਕਰਵਾ ਕੇ ਅੱਡ ਹੋ ਚੁੱਕਿਆ ਸੀ। ਪੈਲੀ ਦੀ ਵੰਡ ਸਮੇਂ, ਗਜ਼ ਜਿੰਨੀ ਜਗ੍ਹਾ ਕਰਕੇ ਦੋਵਾਂ ਦੀ ਬਹਿਸ ਹੋ ਗਈ ਸੀ, ਵੱਡੇ ਨੇ ਆਪਣਾ ਹੱਕ ਸਮਝਦੇ ਹੋਏ ਗੁੱਸੇ ਵਿੱਚ ਨਿੱਕੇ ਉੱਪਰ ਹੱਥ ਚੁੱਕ ਦਿੱਤਾ ਸੀ। 
ਓਸ ਘਟਨਾ ਤੋਂ ਬਾਅਦ, ਦੋਵਾਂ ਨੇ ਚਾਹੁੰਦਿਆਂ ਹੋਇਆਂ ਵੀ ਪਹਿਲ ਨਾਂ ਕਰਕੇ ਆਪਣੀ ਫ਼ੋਕੀ ਅਣਖ ਨੂੰ ਕਾਇਮ ਰੱਖਿਆ ਹੋਇਆ ਸੀ। ਨਾਂ ਤਾਂ ਕਦੇ ਵੱਡੇ ਨੇ ਪੁੱਛਣ ਦਾ ਤਹੱਈਆ ਕੀਤਾ ਅਤੇ ਨਾਂ ਹੀ ਨਿੱਕੇ ਨੇ ਸ਼ਿਕਾਇਤ ਕਰਕੇ। ਹਾਲਾਂਕਿ ਦੋਨਾਂ ਭਰਾਵਾਂ ਵਿੱਚ ਨਿੱਕੇ ਹੁੰਦਿਆਂ ਇਹੋ ਜਿਹੀਆਂ ਝੜਪਾਂ ਕਈ ਵਾਰ ਹੋਈਆਂ ਸਨ, ਪਰ ਓਦੋਂ ਆਪਸੀ ਪਿਆਰ ਸਾਹਮਣੇ ਉਹਨਾਂ ਝੜਪਾਂ ਅਤੇ ਉੱਚੀ ਬੋਲ ਕਬੋਲ ਦਾ ਵਜੂਦ ਕੋਈ ਨਹੀਂ ਸੀ ਹੁੰਦਾ। ਜਿਓਂ ਹੀ ਵੱਡੇ ਹੋਏ ਤਾਂ ਸ਼ਾਇਦ ਦੋਵਾਂ ਨੇ, ਸਾਂਝੀ ਅਣਖ ਅਤੇ ਇੱਜ਼ਤ ਵੀ, ਮਾਂ ਅਤੇ ਬਾਪ ਨੂੰ ਅਲੱਗ ਕਰਨ ਵਾਂਗ ਹੀ, ਨਿਖੇੜ ਲਏ ਸਨ।
ਦੋਵਾਂ ਦੇ ਮਾਪੇ ਵੀ ਇਸ ਜਹਾਨ ਨੂੰ ਛੱਡ ਕੇ ਅਲਵਿਦਾ ਕਹਿ ਚੁੱਕੇ ਸਨ, ਮਾਂ ਬਾਪ ਦੀਆਂ ਅੰਤਿਮ ਰਸਮਾਂ ਸਮੇਂ ਵੀ, ਆਪਸੀ ਰੰਜਿਸ਼ ਕਰਕੇ ਦੋਵਾਂ ਦੇ ਮਨ ਨਹੀਂ ਪਸੀਜੇ ਸੀ। 

ਪਰ ਜੀਆਂ ਦੇ ਨਾਲ ਹੀ ਘਰ ਹੁੰਦੈ, ਜਦੋਂ ਘਰ ਖ਼ਾਲੀ ਹੋ ਜਾਂਦੈ ਤਾਂ ਵੱਢ ਖਾਣ ਨੂੰ ਆਉਂਦੈ, ਸ਼ਾਇਦ ਓਸੇ ਗੱਲ ਕਰਕੇ ਦੋਵਾਂ ਭਰਾਵਾਂ ਦਾ ਮਿੱਟੀ ਵਿੱਚ ਦੱਬਿਆ ਪਿਆਰ ਦੋਬਾਰਾ ਪੁੰਗਰ ਪਿਆ ਸੀ।
2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ, ਨਿੱਕੇ ਦੀ ਹਾਲਤ ਵਿੱਚ ਸੁਧਾਰ ਆਉਣ ਕਰਕੇ ਡਾਕਟਰ ਕੋਲੋਂ ਮੁਲਾਕਾਤ ਕਰਨ ਦੀ ਇਜਾਜ਼ਤ ਮਿਲੀ ਤਾਂ ਨਿੱਕੇ ਕੋਲ ਬੈਠਦਿਆਂ ਹੀ, ਵੱਡੇ ਨੇ ਨਿੱਕੇ ਦਾ ਹੱਥ ਚੁੰਮਿਆ ਅਤੇ ਉਸਤੋਂ ਬਾਅਦ ਕਿੰਨਾ ਹੀ ਚਿਰ ਦੋਵੇਂ ਭਰਾ, ਨਿੱਕੇ ਬੱਚਿਆਂ ਵਾਂਗ ਰੋ ਕੇ, ਹੰਝੂਆਂ ਨਾਲ ਹੀ ਆਪਸ ਚ ਗੱਲਾਂ ਕਰਦੇ ਰਹੇ। ਵੱਡੇ ਭਰਾ ਨੂੰ ਮਿਲ ਕੇ, ਨਿੱਕੇ ਭਰਾ ਵਿੱਚ ਜਿਵੇਂ ਦੋਬਾਰਾ ਜਿਉਣ ਦਾ ਜੋਸ਼ ਅਤੇ ਜਜ਼ਬਾ ਭਰ ਚੁੱਕਿਆ ਸੀ। 
ਸ਼ਿਕਵੇ ਸ਼ਿਕਾਇਤਾਂ ਕਰਦਿਆਂ ਦੋਵਾਂ ਨੂੰ ਅਹਿਸਾਸ ਵੀ ਹੋ ਰਿਹਾ ਸੀ ਕਿ ਜਿਸ ਜ਼ਮੀਨ ਜਾਇਦਾਦ ਕਰਕੇ ਦੋਵੇਂ ਵੱਖ ਹੋਏ ਸਨ, ਦੋਵਾਂ ਦੀਆਂ ਗੱਲਾਂ ਵਿੱਚ ਓਸ ਜ਼ਮੀਨ ਦਾ ਵਜੂਦ ਹੀ ਕੋਈ ਨਹੀਂ ਸੀ। 
ਵੱਡੇ ਭਰਾ ਨੂੰ ਮਿਲ ਕੇ, ਨਿੱਕੇ ਭਰਾ ਵਿੱਚ ਜਿਵੇਂ ਦੋਬਾਰਾ ਜਿਉਣ ਦਾ ਜੋਸ਼ ਅਤੇ ਜਜ਼ਬਾ ਭਰ ਚੁੱਕਿਆ ਸੀ। ਪਰ.....

ਕਈ ਵਾਰ ਇੱਕ ਸਕਿੰਟ ਦੀ ਕਾਹਲ ਵੀ ਲੈ ਬਹਿੰਦੀ ਹੈ ਅਤੇ ਕਦੇ ਦਹਾਕਿਆਂ ਪਿੱਛੋਂ ਵੀ ਬਚਾਅ ਹੋ ਜਾਂਦੈ। ਸਾਨੂੰ ਸਭ ਨੂੰ ਲੋੜ ਹੈ ਸੰਜਮ ਰੱਖਣ ਦੀ। 
ਹਉਮੈ ਕਾਰਨ, ਨਿੱਕਾ ਜਿਹਾ ਚੰਗਾ ਕਦਮ ਪੁੱਟਣ ਵਿੱਚ ਵੀ ਦਹਾਕੇ ਬੀਤ ਜਾਂਦੇ ਨੇ।
ਪਰ ਗੁੱਸੇ ਨੂੰ ਪਰ੍ਹੇ ਰੱਖ ਕੇ, ਚੰਗਿਆਈ ਵਾਲੇ ਪਾਸੇ ਤੁਰਨ ਤੋਂ ਬਾਅਦ ਹੀ, ਸਬਰ ਅਤੇ ਸੰਤੋਖ ਦੀ ਅਸਲ ਸਮਝ ਪੈ ਜਾਂਦੀ ਐ। 

✍🏼 ਕੰਵਲ

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ