ਇਨਸਾਨੀ ਕਦਰਾਂ


ਆਯੁਰਵੈਦਿਕ ਹਸਪਤਾਲ ਅਕਸਰ ਗੇੜਾ ਲੱਗਦਾ ਰਹਿੰਦੈ, ਹਸਪਤਾਲ ਤੋਂ ਡੈਡੀ ਦੀ ਦਵਾਈ ਲੈਕੇ ਜਾਈਦੀ ਐ।
ਕੱਲ੍ਹ ਵੀ ਗਿਆ ਹੋਇਆ ਸੀ। ਡੈਡੀ,ਹਸਪਤਾਲ ਅੰਦਰ, ਡਾਕਟਰ ਕੋਲ ਗਏ ਹੋਏ ਸਨ ਤੇ ਮੈਂ ਬਾਹਰ ਗੱਡੀ ਵਿੱਚ ਬੈਠਾ ਸੀ।
ਫ਼ੋਨ ਦੀ ਬੈਟਰੀ ਘੱਟ ਹੋਣ ਕਾਰਨ, ਫ਼ੋਨ ਬੰਦ ਹੋਣ ਦੇ ਡਰੋਂ, ਫ਼ੋਨ ਨੂੰ ਕੁੱਝ ਸਮੇਂ ਲਈ ਸਾਹ ਲੈਣ ਲਈ ਪਾਸੇ ਰੱਖ ਕੇ, ਸ਼ਾਂਤ ਮਾਹੌਲ ਚ ਗੱਡੀ ਦੇ ਸ਼ੀਸ਼ੇ ਖੋਲ ਕੇ ਬੱਦਲਵਾਈ ਕਾਰਨ ਕੁਦਰਤੀਂ ਚੱਲ ਰਹੀ ਹਵਾ ਦਾ ਅਨੰਦ ਲੈ ਰਿਹਾ ਸੀ ਤੇ ਡੈਡੀ ਦਾ ਇੰਤਜ਼ਾਰ ਕਰ ਰਿਹਾ ਸੀ। ਬਾਹਰਲੀ ਦੁਨੀਆਂ ਦੀ ਚਹਿਲ ਕਦਮੀਂ ਵੀ ਵੇਖ ਰਿਹਾ ਸੀ ਤੇ ਬਾਕੀਆਂ ਨੂੰ ਨੀਵੀਂ ਪਾਈ ਫ਼ੋਨ ਵਿੱਚ ਵੜ ਕੇ ਬੈਠਿਆਂ ਨੂੰ ਵੀ ਵੇਖ ਰਿਹਾ ਸੀ।
ਓਸੇ ਚਹਿਲ ਕਦਮੀਂ ਚ ਵੇਖਿਆ ਕਿ, ਇੱਕ ਲੇਡੀ, ਰਸਤੇ ਵਿੱਚ ਖੜ੍ਹੀ ਮੇਰੀ ਗੱਡੀ ਕੋਲ ਦੀ ਹਸਪਤਾਲ ਦੇ ਅੰਦਰ-ਬਾਹਰ ਨੂੰ 3-4 ਗੇੜੇ ਮਾਰ ਆਈ ਸੀ,10 ਕ ਮਿੰਟ ਮੇਰੇ ਸਾਹਮਣੇ ਲੱਗੀ ਕਤਾਰ ਵਿੱਚ ਵੀ ਖੜ੍ਹੀ ਰਹੀ, ਓਹਦੇ ਨਾਲ ਇੱਕ ਬੁਜ਼ੁਰਗ ਮਾਤਾ ਜੀ ਵੀ ਸਨ। ਮਾਤਾ ਨੂੰ, ਬਾਹਰ ਲੱਗੀ ਹੋਈ ਕਤਾਰ ਦੇ ਲਾਗੇ ਰੱਖੀ ਹੋਈ ਕੁਰਸੀ ਉੱਪਰ ਬਿਠਾ ਕੇ, ਓਹ ਫ਼ੇਰ ਹਸਪਤਾਲ ਤੋਂ ਬਾਹਰ ਵੱਲ ਨੂੰ ਚਲੀ ਗਈ। 
ਕੁੱਝ ਦੇਰ ਬਾਅਦ, ਮੇਰੀ ਗੱਡੀ ਲਾਗੇ ਆਟੋ ਆਕੇ ਰੁਕਿਆ ਤੇ ਓਹੀ ਲੇਡੀ ਹੱਥ ਵਿੱਚ ਲਿਫ਼ਾਫ਼ਾ ਫੜ੍ਹੀ, ਆਟੋ ਵਿੱਚੋਂ ਉੱਤਰੀ।
ਓਹ ਖ਼ੁਦ ਹੀ, ਸ਼ਾਇਦ ਬਾਹਰਲੀ ਦਵਾਈਆਂ ਦੀ ਦੁਕਾਨ ਤੋਂ ਦਵਾਈਆਂ ਲਿਆਈ ਅਤੇ ਕੁਰਸੀ ਉੱਪਰ ਬੈਠੀ ਮਾਤਾ ਨੂੰ ਫੜ੍ਹਾ ਦਿੱਤੀਆਂ। ਮਾਤਾ ਨੂੰ ਮੋਢੇ ਦਾ ਸਹਾਰਾ ਦੇਕੇ ਉਠਾਇਆ ਅਤੇ ਆਟੋ ਵੱਲ ਨੂੰ ਤੁਰ ਪਈਆਂ। ਓਹ ਲੇਡੀ, ਇੱਕ ਹੱਥ ਵਿੱਚ ਮਾਤਾ ਦੀ ਸੋਟੀ ਅਤੇ ਦੂਜੇ ਚ ਦਵਾਈਆਂ ਫੜ੍ਹ ਕੇ, ਹੌਲੀ-ਹੌਲੀ ਬੁਜ਼ੁਰਗ ਮਾਤਾ ਦੇ ਨਾਲ, ਮੇਰੀ ਗੱਡੀ ਦੇ ਨਾਲ ਖੜ੍ਹੇ ਆਟੋ ਵੱਲ ਨੂੰ ਤੁਰੀਆਂ ਆ ਰਹੀਆਂ ਸਨ।
ਮੈਂ ਸੋਚ ਰਿਹਾ ਸੀ ਕਿ ਜਾਂ ਤੇ ਲੇਡੀ, ਬੁਜ਼ੁਰਗ ਮਾਤਾ ਦੀ ਨੂੰਹ ਹੋਵੇਗੀ ਜਾਂ ਬੁਜ਼ੁਰਗ ਮਾਤਾ, ਉਸ ਲੇਡੀ ਦੀ ਸਕੀ ਮਾਂ ਹੋਵੇਗੀ।

ਲੇਡੀ ਨੇ ਮਾਤਾ ਨੂੰ ਸਹਿਜੇ ਹੀ ਆਟੋ ਵਿੱਚ ਬਿਠਾ ਕੇ, ਆਟੋ ਵਾਲੇ ਨੂੰ 30₹ ਕਿਰਾਇਆ ਦਿੱਤਾ ਤਾਂ ਮਾਤਾ ਨੇ ਕਿਹਾ ਕਿ "ਨਾਂ ਧੀਏ ਪੈਸੇ ਵਾਪਸ ਲੈ।"
ਲੇਡੀ ਕਹਿ ਰਹੀ ਸੀ "ਕੋਈਨਾ ਮਾਤਾ ਜੀ, ਫੇਰ ਕੀ ਆ।"
ਤਾਂ ਮਾਤਾ ਨੇ ਕਿਹਾ "ਧੀਏ ਮੈਂ ਆਪੇ ਚਲੀ ਜਾਵਾਂਗੀ, ਮੈਨੂੰ ਰਸਤਾ ਯਾਦ ਐ।"
ਲੇਡੀ ਨੇ ਆਟੋ ਵਾਲੇ ਨੂੰ ਦੱਸਿਆ ਕਿ ਮਾਤਾ ਨੂੰ ਉੱਚਾ ਸੁਣਦੈ ਤੇ ਸਮਝਾ ਦਿੱਤਾ ਕਿ ਸ਼ੀਸ਼ ਮਹਿਲ ਦੇ ਲਾਗੇ ਛੱਡ ਕੇ ਆਉਣੈ। 
ਫੇਰ, ਲੇਡੀ ਨੂੰ ਮਾਤਾ, ਆਟੋ ਵਿੱਚ ਬੈਠੀ ਹੀ ਪੁੱਛ ਰਹੀ ਸੀ "ਕਿਹੜਾ ਪਿੰਡ ਐ ਧੀਏ ਤੇ ਕਿੰਨੇ ਜਵਾਕ ਨੇ ਤੇਰੇ।"
ਲੇਡੀ ਕੇਹਿੰਦੀ "2 ਧੀਆਂ ਨੇ ਮਾਤਾ ਜੀ।"
ਮਾਤਾ ਨੇ ਲੇਡੀ ਦੇ ਸਿਰ ਤੇ ਹੱਥ ਧਰ ਕੇ ਅਸੀਸ ਦਿੱਤੀ "ਤੇਰੀਆਂ ਧੀਆਂ ਤੇਰੇ ਬੁਢਾਪੇ ਚ ਤੇਰਾ ਖਿਆਲ ਰੱਖਣ ਤੇ ਤੇਰਾ ਸਹਾਰਾ ਬਣਨ। ਜਿਉਂਦੀ ਰਹਿ ਧੀਏ।"
2 ਕ ਮਿੰਟ ਦੇ ਅੰਦਰ ਹੀ ਮਾਤਾ ਆਟੋ ਚ ਬਹਿ ਕੇ, ਓਥੋਂ ਚਲੀ ਗਈ।

ਮੈਂ ਲਾਗੇ, ਗੱਡੀ ਚ ਬੈਠਾ ਇਹ ਸਭ ਕੁੱਝ ਸੁਣ ਤੇ ਵੇਖ ਰਿਹਾ ਸੀ।
ਕੁੱਝ ਘਟਨਾਵਾਂ ਨੂੰ ਵੇਖ ਕੇ, ਸੁਭਾਵਿਕ ਹੀ, ਮਹਿਸੂਸ ਹੁੰਦੈ ਕਿ ਇਨਸਾਨੀ ਕਦਰਾਂ-ਕੀਮਤਾਂ ਸ਼ਰਮਾਕਲ ਹੋਕੇ ਘੱਟ ਹੀ ਸਾਹਮਣੇ ਆਉਂਦੀਆਂ ਹਨ, ਪਰ ਜਿਉਂਦੀਆਂ ਜ਼ਰੂਰ ਹਨ।

✍🏼ਕੰਵਲ

Comments

Popular posts from this blog

ਸਿਆਣਪ

ਮੁਕਾਮ