ਗੋਲੀ ਜਾਂ ਬੰਬ ਚਲਾਉਣ ਵਾਲਾ ਭਗਤ ਸਿੰਘ ਨਹੀਂ, ਓਥੇ ਖੜ ਕੇ ਵਿਚਾਰਾਂ ਨੂੰ ਪੇਸ਼ ਕਰਨ ਵਾਲਾ ਭਗਤ ਸਿੰਘ ਹੈ।

ਓੜਕ ਸੱਚ।
ਪਰਸੋਂ ਇੱਕ ਵੀਡੀਓ ਵੇਖੀ ਜਿਸ ਵਿੱਚ ਸੱਚਾਈ ਦੀ ਲੜਾਈ ਵਿੱਚ ਹਾਰਿਆ ਹੋਇਆ ਯੋਧਾ ਓਸ ਸਮੇਂ ਦੇ ਅਖੌਤੀ ਜਰਨੈਲਾਂ ਦੇ ਪੋਤੜੇ ਫਰੋਲਦਾ ਹੋਇਆ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਰੋਕ ਕੇ, ਸਿਦਕੀ ਹੋਣ ਦੀ ਉਦਾਹਰਣ ਪੇਸ਼ ਕਰ ਰਿਹਾ ਸੀ ਅਤੇ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਵਿੱਚ ਫਸ ਚੁੱਕੇ ਜਾਂ ਫਸਣ ਜਾ ਰਹੇ ਜਜ਼ਬਾਤੀ ਨੌਜਵਾਨਾਂ ਲਈ ਰਾਹ ਦਸੇਰਾ ਬਣ ਸੁਨੇਹਾ ਦੇ ਰਿਹਾ ਸੀ।

ਬ੍ਰਿਟਿਸ਼ ਸਮੇਂ, ਓਦੋਂ ਦੇ ਭਾਰਤੀ ਸਿਸਟਮ ਵਿੱਚ ਜਿੱਥੇ ਸਰਾਭਾ, ਭਗਤ ਸਿੰਘ, ਗ਼ਦਰੀ ਬਾਬੇ ਅੱਤਵਾਦੀ ਅਤੇ ਉੱਧਮ ਸਿੰਘ ਪਾਗ਼ਲ ਕਰਾਰ ਦਿੱਤਾ ਗਿਆ, ਓਥੇ ਅੱਜ, ਸਮਿਆਂ ਦੇ ਹਿਸਾਬ ਨਾਲ ਸਰਕਾਰਾਂ ਅਤੇ ਸਰਕਾਰਾਂ ਵੱਲੋਂ ਗਰਦਾਨੇ ਗੁਨਾਹਗਾਰਾਂ ਦੇ ਸਿਰਫ ਨਾਵਾਂ ਵਿੱਚ ਹੀ ਬਦਲਾਅ ਆਇਆ ਹੈ। ਪਰ ਸਿਸਟਮ ਦੇ ਖ਼ਿਲਾਫ਼ ਹੱਕਾਂ ਹਕੂਕਾਂ ਵਾਲੀ ਲੜਾਈ ਵਿੱਚ ਰੱਤੀ ਭਰ ਫ਼ਰਕ ਨਹੀਂ ਆਇਆ।

ਪੰਜਾਬ ਵਿੱਚ, ਕਾਮਰੇਡਾਂ ਅਤੇ ਖਾੜਕੂਆਂ ਵਿੱਚ ਸਿਦਕ ਅਤੇ ਸਿਸਟਮ ਦੇ ਖ਼ਿਲਾਫ਼ ਲੜਾਈ ਵਿੱਚ ਦੋਵਾਂ ਧਿਰਾਂ ਦਾ ਰੋਲ, ਬੜਾ ਉਲਝਵਾਂ ਅਤੇ ਆਪਸ ਚ ਖ਼ਿਲਾਫ਼ਤ ਵਾਲਾ ਮੁੱਦਾ ਹੀ ਰਿਹੈ। ਜਦ ਕਿ ਨਕਸਲਾਈਟ ਮੂਵਮੇਂਟ ਅਤੇ ਖਾੜਕੂ ਮੂਵਮੇਂਟ ਦੀ ਅਸਲ ਲੜਾਈ ਸਿਸਟਮ ਦੇ ਖਿਲਾਫ ਹੀ ਰਹੀ ਹੈ, ਜਿਸ ਵਿੱਚ ਘਾਣ ਪੰਜਾਬ ਦੀ ਜਵਾਨੀ ਅਤੇ ਸਿਦਕੀ ਮੁੰਡਿਆਂ ਦਾ ਹੀ ਹੋਇਆ ਹੈ ਭਾਵੇਂ ਉਹ ਸਿਸਟਮ ਦੁਆਰਾ ਸਥਾਪਿਤ ਫੋਰਸ ਵਿੱਚ ਹੀ ਕਿਉਂ ਨਾਂ ਹੋਣ।
ਇਨਸਾਨੀਅਤ ਦੇ ਅਸਲ ਸਿਧਾਂਤ ਉੱਪਰ ਚੱਲਣ ਵਾਲਾ ਹਰ ਇੱਕ ਧਰਮ, ਵਰਗ, ਜਵਾਨ ਜਾਂ ਬੁਜ਼ੁਰਗ ਆਦਮੀ-ਔਰਤ, ਜੋ ਇਮਾਨਦਾਰ ਰਾਜੇ ਜਾਂ ਸਰਕਾਰ ਦੇ ਇਮਾਨਦਾਰ ਰਾਜ ਪ੍ਰਬੰਧ ਵਾਲੇ ਬਰੋਬਰ ਦੇ ਵਤੀਰੇ ਦੇ ਪੱਖ ਵਿੱਚ ਹੋਵੇਗਾ, ਓਹੋ ਸਰਕਾਰੀ ਤੰਤਰ ਦੀ ਹਿੱਟ ਲਿਸਟ ਵਿੱਚ ਹੋਵੇਗਾ। ਦੇਸ਼ ਧਰੋਹੀ ਜਾਂ ਅੱਤਵਾਦੀ ਵੀ ਗਰਦਾਨਿਆ ਜਾਵੇਗਾ।

ਚਿਹਰਾ ਜਾਂ ਧਰਮ ਜਿਹੜਾ ਮਰਜ਼ੀ ਹੋਵੇ ਸਿਸਟਮ ਦੀ ਨਿਗਾਹ ਵਿੱਚ ਸਭ ਇੱਕੋ ਜਿਹੇ ਨੇ। ਭਾਵੇਂ, ਤੁਸੀਂ ਕਲੀਨ ਸ਼ੇਵਨ ਹੋ, ਸਰਦਾਰ ਦਾੜ੍ਹੀ ਕੱਟੀ ਹੋਈ ਏ ਜਾਂ ਸਾਬਤ ਸੂਰਤ ਸਰਦਾਰ ਹੋ, ਤੁਹਾਡੇ ਵਿੱਚ ਏਕਾ ਹੋਵੇ, ਤੁਹਾਡੇ ਵਿਚਾਰਾਂ ਦੀ ਤਲਵਾਰ ਤਿੱਖੀ ਹੋਵੇ, ਐਸ ਗੱਲ ਦੇ ਡਰੋਂ, ਸਿਸਟਮ, ਲੋਕਾਂ ਵਿੱਚ ਧਰਮਾਂ ਦੀ ਲੜਾਈ ਜ਼ਰੂਰ ਕਰਵਾਉਂਦਾ ਰਹੇਗਾ। ਆਪਸੀ ਲੜਾਈ ਨਾਲੋਂ, ਜੇਕਰ ਮੁੱਖ ਕੇਂਦਰ, ਸਿਸਟਮ ਦੇ ਖਿਲਾਫ ਵਿੱਢੀ ਜੰਗ ਨੂੰ ਬਣਾਇਆ ਜਾਵੇ ਤਾਂ ਹਰ ਵਰਗ ਤੇ ਧਰਮ ਦੇ ਫਾਇਦੇ ਵਾਲਾ ਸੌਦਾ ਹੀ ਹੋਵੇਗਾ ਅਤੇ ਸਾਰੇ ਲੋਕ ਚੰਗੇ ਭਵਿੱਖ ਦੀ ਰੌਸ਼ਨੀ ਵਿੱਚ ਵੱਧ ਫੁੱਲ ਸਕਣਗੇ।

ਆਖਿਰਕਾਰ, ਸਭਦੇ ਆਪੋ ਆਪਣੇ ਵਿਚਾਰ ਹਨ ਅਤੇ ਇਹ ਖੁਦ ਦੇ ਸਮਝਣ ਉੱਪਰ ਵੀ ਨਿਰਭਰ ਕਰਦੈ ਕਿ ਤੁਸੀਂ ਕਿਸ ਘਟਨਾ ਜਾਂ ਮੁੱਦੇ ਨੂੰ ਝੂਠ ਜਾਂ ਸੱਚ ਮੰਨਣੈ।


✍🏼 ਕੰਵਲ ਸੰਧੂ

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ