ਲੁਟੇਰੇ

ਨਿੱਕੇ ਹੁੰਦਿਆਂ ਸਭਨੂੰ ਕਿਤਾਬਾਂ ਵਿੱਚ ਇਹੀ ਪੜ੍ਹਾਇਆ ਗਿਆ ਸੀ : "ਅਖੇ 'ਵਾਸਕੋ ਡੀ ਗਾਮਾ' ਨੇ ਭਾਰਤ ਦੀ ਖੋਜ ਕੀਤੀ ਸੀ।" 
ਖੋਜ ਕਰਨ ਨੂੰ ਵਾਸਕੋ ਕਿਹੜਾ ਭਾਰਤ ਦਾ ਨਾਮ ਰੱਖ ਕੇ ਗਿਆ ਸੀ ਜਾਂ ਭਾਰਤ ਤੋਂ ਬਾਹਰੀ ਦੇਸ਼ਾਂ ਤੱਕ ਲੁੱਕ ਦੀਆਂ ਨਵੀਂਆਂ ਨਕੋਰ ਸੜਕਾਂ ਬਣਾ ਕੇ ਗਿਆ ਸੀ। ਭਾਰਤ ਦਾ ਉਦੈ, ਵਾਸਕੋ ਡੀ ਗਾਮਾ (Vasco da Gama) ਦੇ ਪੁਰਖਿਆਂ ਤੋਂ ਵੀ ਪਹਿਲਾਂ ਦਾ ਸੀ ਤੇ ਹੈ। 

"ਕੁੱਤੇ ਦੇ ਮੂੰਹ ਨੂੰ ਖ਼ੂਨ ਲੱਗ ਜਾਵੇ ਤਾਂ ਉਹ ਵਾਰ-ਵਾਰ ਲਹੂ ਦਾ ਸਵਾਦ ਭਾਲਦੈ।"
ਇੱਕ ਵਾਰ ਲੱਭੀ ਹੋਈ ਚੀਜ਼ ਨੂੰ ਜਾਂ ਜਗ੍ਹਾ ਨੂੰ 3 ਵਾਰ ਕੌਣ ਲੱਭਦੈ, ਬਸ਼ਰਤੇ ਚੀਜ਼ ਗਵਾਚੀ ਨਾਂ ਹੋਵੇ। ਓਹ ਤਾਂ ਲੁਟੇਰਿਆਂ ਦੀ ਟੋਲੀ ਸੀ ਜਿਹੜੀ ਪੁਰਤਗਾਲ ਤੋਂ ਅਫ਼ਰੀਕਾ ਅੱਤਿਆਚਾਰ ਕਰਕੇ, ਸਮੁੰਦਰ ਵਿੱਚ ਘੁੰਮਦੇ ਘੁਮਾਉਂਦੇ ਏਧਰ, ਭਾਰਤ, ਖੇਹ ਖਾਣ ਆ ਗਈ ਸੀ। ਭਾਰਤ ਦੇ ਕਬਾਇਲੀ ਲੋਕਾਂ ਦਾ ਦੇਸੀਪੁਣਾ ਵੇਖ ਕੇ ਅਤੇ ਗਹਿਣਿਆਂ ਨਾਲ ਲੱਦੇ ਆਮ ਲੋਕਾਂ ਨੂੰ ਵੇਖ ਕੇ, ਜਿਵੇਂ ਕੁੱਤਾ ਮੁਰਗੇ ਦੀ ਲੱਤ ਨੂੰ ਵੇਖ ਕੇ ਰਾਲਾਂ ਟਪਕਾਉਂਦੈ ਅਤੇ ਝਪੱਟਾ ਮਾਰ ਕੇ ਪੂਰੇ ਮੁਰਗੇ ਨੂੰ ਖਾਣਾ ਚਾਹੁੰਦੈ, ਓਵੇਂ ਹੀ ਖੁਰਾਫ਼ਾਤੀ ਵਾਸਕੋ ਨੇ ਭਾਰਤੀ ਲੋਕਾਂ ਦੇ ਖ਼ਜ਼ਾਨਿਆਂ ਨੂੰ 3 ਫੇਰੀਆਂ ਵਿੱਚ ਰੱਜ ਕੇ ਲੁੱਟਿਆ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਸੋਨਾ, ਚਾਂਦੀ, ਹੀਰੇ-ਜ਼ਾਵਾਹਾਰਾਤ, ਭਾਰਤੀ ਮਸਾਲਿਆਂ ਦੀ ਆੜ੍ਹ ਚ, ਲੱਦ-ਲੱਦ ਕੇ ਲੈਕੇ ਗਿਆ। ਜਦੋਂ ਕੁੱਤਾ ਵੀ ਹੱਦੋਂ ਵੱਧ ਮੀਟ ਖਾ ਲੈਂਦੈ ਤਾਂ ਕਾਹਲੀ-ਕਾਹਲੀ ਖਾਣ ਦੇ ਚੱਕਰ ਚ ਇੱਕ ਅੱਧੀ ਹੱਡੀ ਵੀ ਨਿਘਾਰ ਜਾਂਦੈ, ਜਿਸ ਸਦਕਾ ਕੁੱਤੇ ਦਾ ਢਿੱਡ ਫੁੱਲ ਜਾਂਦੈ ਅਤੇ ਪਲਸੇਟੇ ਮਾਰਦੈ।
ਓਹੀ ਹਾਲ ਵਾਸਕੋ ਨਾਲ ਤੀਜੀ ਫੇਰੀ ਦੌਰਾਨ ਭਾਰਤ ਦੇ ਕੋਚੀਨ ਵਿੱਚ ਹੋਇਆ ਸੀ ਅਤੇ ਮੌਤ ਹੋ ਗਈ ਸੀ। 
ਓਦੋਂ ਵੀ ਜੀਹਦੀ ਜੁੱਤੀ ਹੁੰਦੀ ਸੀ ਓਸੇ ਦਾ ਰਾਜ ਹੁੰਦਾ ਸੀ।
ਬਾਅਦ ਵਿੱਚ, ਲੁਟੇਰਿਆਂ ਦੇ ਟੋਲਿਆਂ ਨੇ ਜੀਭਾਂ ਲਮਕਾ-ਲਮਕਾ ਕੇ ਭਾਰਤ ਵੱਲ ਨੂੰ ਰੁਖ਼ ਕੀਤਾ ਸੀ। ਬ੍ਰਿਟੇਨ ਨੇ ਵੀ ਈਸਾਈ ਧਰਮ ਅਤੇ ਕੰਪਨੀ ਦੀ ਤਰੱਕੀ ਦੇ ਨਾਮ ਤੇ ਭਾਰਤ, ਪੰਜਾਬ ਨੂੰ ਰੱਜ ਕੇ ਲੁੱਟਿਆ ਸੀ ਤਾਂ ਹੀ ਕੋਹਿਨੂਰ ਇੰਗਲੈਂਡ ਪਿਐ, ਜੀਹਦਾ ਦੁਨੀਆਂ 'ਚ ਕੋਈ ਮੋਲ ਹੀ ਨਹੀਂ। 

ਅਫ਼ਗ਼ਾਨਿਸਤਾਨ ਦੇ ਸਾਹਮਣੇ ਖੜ੍ਹੀ ਸੂਪਰ ਪਾਵਰ ਬਾਰੇ ਵੀ ਸਭ ਭਲੀ ਭਾਂਤ ਜਾਣੂੰ ਨੇ। ਸੱਦਾਮ, ਗੱਦਾਫ਼ੀ, ਜਿਨ੍ਹਾਂ ਕੋਲ ਖਣਿਜਾਂ ਦੇ ਭੰਡਾਰ ਸਨ, ਸਭ ਕੁੱਝ ਜੁੱਤੀ ਵਾਲੇ ਨੇ ਹਥਿਆ ਲਿਐ, ਭਾਵੇਂ ਤੇਲ ਹੋਵੇ ਜਾਂ ਮੈਡੀਕਲ ਸੈਕਟਰ ਵਿੱਚ ਵਰਤੀ ਜਾਣ ਵਾਲੀ ਅਫ਼ੀਮ, ਸਭ ਕਿਤੇ ਅਮਰੀਕਾ ਨੇ ਘੁਸਪੈਠ ਕਰਵਾ ਕੇ, ਆਪਣਾ ਸਿੱਕਾ ਚਲਾਇਐ। ਕਹਿਣ ਨੂੰ, ਓਹਨਾਂ ਦੇਸ਼ਾਂ ਵਿੱਚ ਤਰੱਕੀ ਲਿਆਂਦੀ ਐ ਅਤੇ ਗਰੀਬੀ ਹਟਾਈ ਐ, ਵਰਗੇ ਸ਼ਬਜ਼ਬਾਗ।
ਸਾਡੇ ਭਾਅ ਦੀ ਅਮੀਰੀ, ਸਿਰਫ਼ ਮਹਿੰਗੇ ਕੱਪੜਿਆਂ, ਮਹਿੰਗੀਆਂ ਗੱਡੀਆਂ ਅਤੇ ਸਾਫ਼ ਸੁਥਰੀਆਂ ਪੱਕੀਆਂ ਸੜਕਾਂ ਵਿੱਚੋਂ ਹੀ ਝਲਕਦੀ ਹੈ।
ਓਸ ਹਿਸਾਬ ਨਾਲ ਅਫ਼ਗ਼ਾਨਿਸਤਾਨ , ਅੱਜ ਭਾਰਤ ਤੋਂ ਕਾਫ਼ੀ ਪੱਛੜ ਗਿਆ ਲਗਦੈ ਅਤੇ ਉਥੋਂ ਦੇ ਹਾਲਾਤਾਂ ਬਾਰੇ ਵੀ ਸਭ ਨੂੰ ਪਤਾ ਹੀ ਐ। ਭੁਗਤਣਾ ਪ੍ਰਜਾ ਨੂੰ ਹੀ ਪੈਂਦੈ।
ਇੰਟਰਨੈੱਟ ਤੇ ਹੀ ਪੜ੍ਹਿਆ ਸੀ ਕਿ 'ਮੁੱਲਾ ਅਬਦੁਲ ਗਨੀ ਬਰਾਦਰ' ਜਿਹੜਾ ਗੱਦੀ ਤੇ ਬੈਠਣ ਲੱਗਿਐ, ਨੂੰ ਪਹਿਲਾਂ ਅਮਰੀਕਾ ਨੇ ਹੀ ਆਈ.ਐੱਸ.ਆਈ. ਪਾਕਿਸਤਾਨ ਤੋਂ ਖ਼ੁਦ ਛੁਡਵਾਇਆ ਸੀ। ਸੂਪਰ ਪਾਵਰ ਰੱਜ-ਰੱਜ ਕੇ ਲੁੱਟਦੀ ਸੀ ਅਤੇ ਲੁੱਟਦੀ ਹੈ, ਅੱਜ 20 ਸਾਲਾਂ ਬਾਅਦ ਵੀ ਖਾਲੀ ਹੱਥ ਤਾਂ ਵਾਪਸ ਨਹੀਂ ਮੁੜੀ ਹੋਣੀ।

ਇਤਿਹਾਸ ਖ਼ੁਦ ਨੂੰ ਦੁਹਰਾਉਂਦੈ, ਅੱਜ ਵੀ ਦੁਹਰਾ ਹੀ ਰਿਹੈ। ਪਹਿਲਾਂ ਵੀ ਗੱਦਾਰਾਂ ਜਾਂ ਘੁਸਪੈਠ ਕਰਕੇ ਰਾਜ ਹਥਿਆ ਲਏ ਜਾਂਦੇ ਸਨ ਤੇ ਅੱਜ ਵੀ, ਇਹੋ ਕੁਸ਼ ਚੱਲਦੈ। ਭਾਰਤ, ਪੰਜਾਬ ਨੇ, ਇਹ ਸਭ ਪਹਿਲਾਂ ਹੰਢਾ ਲਿਐ।
ਅੱਜ ਦੇ ਟਾਇਮ ਵਿੱਚ ਅਮਰੀਕਾ ਵੀ ਬ੍ਰਿਟੇਨ ਦੇ ਨਕਸ਼ੇ ਕਦਮ ਤੇ ਚੱਲ ਰਿਹੈ। ਜਿੱਥੇ ਕਿਤੇ ਪਤਾ ਲੱਗੇ ਖ਼ਜ਼ਾਨਾ ਜਾਂ ਖਣਿਜ ਭੰਡਾਰ ਨੇ ਤਾਂ ਓਸ ਜਗ੍ਹਾ ਦੀ ਖੋਜ ਕਰਨ ਅਤੇ ਤਰੱਕੀ ਕਰਵਾਉਣ ਤੁਰ ਪੈਂਦੈ। 

✍🏼 ਕੰਵਲ

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ