ਚੰਡੀਗੜ੍ਹ


ਚੰਡੀਗੜ੍ਹ ਨੂੰ ਜਿੱਥੇ ਪੱਥਰਾਂ ਦਾ ਸ਼ਹਿਰ ਵੀ ਕਿਹਾ ਗਿਆ ਓਥੇ ਹੀ, ਐਥੋਂ ਦੀ ਹਰਿਆਲੀ ਅਤੇ ਪੌਣ ਪਾਣੀ ਵੀ ਮਾਨਣ ਯੋਗ ਏ।
ਪਟਿਆਲੇ ਨੌਕਰੀ ਤੋਂ ਬਾਅਦ ਚੰਡੀਗੜ੍ਹ ਨੌਕਰੀ ਕਰਨ ਦਾ ਮੌਕਾ ਮਿਲਿਆ ਤਾਂ ਐਥੋਂ ਦਾ ਰਹਿਣ ਸਹਿਣ ਅਤੇ ਬਦਲਦੇ ਰੰਗਾਂ ਦੇ ਨਾਲ-ਨਾਲ ਬਦਲਦੇ ਚਿਹਰੇ ਵੇਖੇ ਤਾਂ ਅਚੰਭਾ ਵੀ ਹੋਇਆ ਅਤੇ ਥਿੜਕਦੇ ਥਿੜਕਦੇ ਬਚਾਅ ਵੀ ਕੀਤਾ। 
  ਪੀ ਜੀ ਵਿੱਚੋਂ ਨਿਕਲਦਿਆਂ ਸਾਰ ਜਾਂ ਦਫ਼ਤਰ ਨੂੰ ਜਾਂਦਿਆਂ, ਕੋਈ ਵੀ ਬੁਜ਼ੁਰਗ ਮਿਲੇ ਤਾਂ ਸਤਿ ਸ੍ਰੀ ਆਕਾਲ ਬੁਲਾਉਣਾ ਪਿੰਡੋਂ ਹੀ ਸਿੱਖਿਆ ਸੀ ਤਾਂ ਐਥੇ ਚੰਡੀਗੜ੍ਹ ਆਕੇ ਵੀ ਉਹੀ ਸੁਭਾਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਜਿੰਨੀ ਸ਼ੁੱਧ ਪੰਜਾਬੀ ਮੈਂ ਚੰਡੀਗੜ੍ਹ ਵਿੱਚ ਪੁਰਾਣੇ ਰਹਿੰਦੇ ਹਿੰਦੂ ਪਰਿਵਾਰਾਂ ਤੋਂ ਸੁਣੀ ਐੱਨੀ ਉਮੀਦ ਮੈਨੂੰ ਪਟਿਆਲੇ ਬੈਠੇ ਕਦੇ ਨੀਂ ਸੀ। ਓਹਨਾਂ ਨਾਲ ਗੱਲਾਂ ਕਰਕੇ ਅਤੇ 22 ਸੈਕਟਰ ਦੇ ਗੁਰੂਦਵਾਰੇ ਜਾਕੇ, ਗੀਤਾਂ ਵਿੱਚਲੇ ਚੰਡੀਗੜ੍ਹ ਬਾਰੇ ਸੋਚ ਨੂੰ ਛੱਡ ਕੇ, ਖੁਦ ਦੀ ਵਿਲੱਖਣ ਸੋਚ ਜਾਂ ਪੇਂਡੂ ਵਿਚਾਰਾਂ ਵਾਲੀ ਸੋਚ ਨੂੰ ਕਾਇਮ ਰੱਖਣ ਦਾ ਹੌਂਸਲਾ ਮਿਲਦਾ। ਚੰਡੀਗੜ੍ਹ ਨੇ ਜਿੱਥੇ ਕਈਆਂ ਨੂੰ ਰੋਜ਼ਗਾਰ ਅਤੇ ਜ਼ਿੰਦਗੀ ਜਿਊਣ ਦਾ ਵਲ਼ ਸਿਖਾਇਆ ਉੱਥੇ ਹੀ ਅਸੀਂ ਖ਼ੁਦ ਹੀ ਚੰਡੀਗੜ੍ਹ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ। ਜਿਵੇਂ ਨਵੀਂ ਪਨੀਰੀ ਨੂੰ ਭਾਰਤ ਤੋਂ ਕਨੇਡਾ ਜਾਕੇ ਖੁੱਲ੍ਹ ਮਿਲਦੀ ਹੈ ਤਾਂ ਓਵੇਂ ਹੀ ਚੰਡੀਗੜ੍ਹ ਦੀ ਖੁੱਲ੍ਹ ਕਈਆਂ ਨੂੰ ਰਾਸ ਨਹੀਂ ਆਉਂਦੀ। 
  ਜੇ ਲਿਖੇ ਅਤੇ ਬੋਲੇ ਗਏ ਸ਼ਬਦਾਂ ਨਾਲ ਕੁੱਝ ਖਾਸ ਬਦਲਾਅ ਨਹੀਂ ਆ ਸਕਦਾ ਹੁੰਦਾ ਤਾਂ ਸ਼ਾਇਦ ਇਤਿਹਾਸ ਦੀਆਂ ਹੂਬਹੂ ਤਸਵੀਰਾਂ ਸਾਡੇ ਖਿਆਲਾਂ ਜਾਂ ਮਨਾਂ ਵਿੱਚ ਨਾਂ ਉੱਕਰਦੀਆਂ। ਕਿਸੇ ਸ਼ਹਿਰ ਜਾਂ ਪਿੰਡ ਦੇ ਬਾਸ਼ਿੰਦਿਆਂ ਦੀ ਪਛਾਣ ਦਾ ਕਿਆਸ ਓਥੋਂ ਦੇ ਇਤਿਹਾਸ ਜਾਂ ਵਰਤਮਾਨ ਤੋਂ ਹੀ ਲਾਇਆ ਜਾ ਸਕਦਾ ਏ।
 ਸ਼ਬਦਾਂ ਦੀ ਚੋਣ ਸੋਚ ਸਮਝਕੇ ਹੋਣੀ ਚਾਹੀਦੀ ਏ। ਜ਼ਿਆਦਾਤਰ ਭਾਰੇ ਸ਼ਬਦਾਂ (ਚੰਗੇ ਜਾਂ ਭੱਦੇ) ਦੇ ਉਪਯੋਗ ਕਰਣ ਨਾਲ ਹੀ, ਕਿਸੇ ਵੀ ਜਗ੍ਹਾ, ਇਨਸਾਨ ਜਾਂ ਵਸਤੂ ਦੀ ਪਛਾਣ ਨੂੰ ਬਰਕਰਾਰ ਜਾਂ ਮਲੀਆ ਮੇਟ ਕੀਤਾ ਜਾ ਸਕਦਾ।
 ਬਾਕੀ, ਜਿਵੇਂ ਕਣ ਕਣ ਵਿੱਚਲੀ ਹਵਾ ਦਾ ਬੁੱਲ੍ਹਾ ਜਾਂ ਜ਼ਿੰਦਗੀ ਵਿੱਚ ਕਿਸੇ ਵੀ ਨਿਰਜੀਵ ਸਜੀਵ ਵਸਤੂ ਦਾ ਅਗਲਾ ਪਲ ਵੱਖਰਾ ਹੁੰਦਾ ਹੈ, ਓਵੇਂ ਹੀ ਹਰ ਦੂਜੇ ਇਨਸਾਨ ਦੀ ਸੋਚਣ-ਸਮਝਣ, ਵੇਖਣ-ਪਰਖਣ ਅਤੇ ਸੰਜੋ ਕੇ ਰੱਖਣ-ਛੱਡਣ ਦੀ ਆਦਤ ਵੀ ਇੱਕੋ ਜਿਹੀ ਨਹੀਂ ਹੁੰਦੀ। 

  ਪਿੰਡੋਂ ਪਟਿਆਲੇ ਅਤੇ ਪਟਿਆਲਾ ਤੋਂ ਚੰਡੀਗੜ੍ਹ ਪਹੁੰਚਦਿਆਂ-ਪਹੁੰਚਦਿਆਂ  ਜ਼ਿੰਦਗੀ ਵਿੱਚ ਬਹੁਤ ਬਦਲਾਅ ਵੇਖ ਅਤੇ ਹੰਢਾ ਚੁੱਕਿਆ ਹਾਂ। ਪਰ ਇੱਕ ਬਦਲਾਅ ਜੋ ਨਾਂ ਤੇ ਮੇਰੇ ਮਾਪਿਆਂ ਵਿੱਚ ਆਇਆ ਅਤੇ ਨਾਂ ਹੀ ਮੇਰੇ ਵਿੱਚ।
"ਸਕਾਰਾਤਮਕ ਸੋਚ ਅਤੇ ਹਰ ਇੱਕ ਇਨਸਾਨ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਅਤੇ ਖੁਸ਼ੀ ਵਿੱਚ ਭਾਵੇਂ ਨਾਂ ਸਹੀ ਪਰ ਤਕਲੀਫ਼ਾਂ ਵਿੱਚ ਮੋਹਰੀ ਬਣਕੇ ਮੋਢੇ ਨਾਲ ਮੋਢਾ ਜੋੜਕੇ ਖਲ੍ਹੋ ਜਾਣਾ।"
ਯਕੀਨਨ ਮੇਰਾ ਐਸ ਤਰ੍ਹਾਂ ਦਾ ਸੁਭਾਅ ਮਾਪਿਆਂ ਦੇ ਦੱਸੇ ਮਾਰਗ ਮੁਤਾਬਿਕ ਅਤੇ ਉਹਨਾਂ ਵੱਲੋਂ ਦਿੱਤੀ ਬਹੁਮੁੱਲੀ ਸਿੱਖਿਆ ਮੁਤਾਬਿਕ ਹੀ ਏ ਅਤੇ ਸ਼ਾਇਦ ਭਵਿੱਖ ਵਿੱਚ ਵੀ ਰਵੇਗਾ।

✍🏼 ਕੰਵਲ 

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ