ਮੁਨੱਵਰ ਰੁਖ਼

ਅਸੀਂ ਪੰਜਾਬ ਯੂਨੀਵਰਸਿਟੀ ਵਿੱਚ, ਪਿੱਪਲ ਦੇ ਸਾਹਮਣੇ ਵਾਲੀ ਪਹਿਲੀ ਜੂਸ ਦੀ ਦੁਕਾਨ ਤੇ ਖੜ੍ਹੇ ਹੋ ਕੇ ਸ਼ੇਕ ਪੀ ਰਹੇ ਸਾਂ। ਚਹਿਲ ਪਹਿਲ ਵਾਧੂ ਸੀ, ਮੁੰਡੇ ਕੁੜੀਆਂ ਆਪਸ ਚ ਯਾਰ-ਦੋਸਤ, ਸਭ ਵਾਰੋ ਵਾਰੀ ਗੁਜ਼ਰ ਰਹੇ ਸਨ।
ਚਹਿਲ ਪਹਿਲ ਦੇ ਵਿੱਚ, ਹੋਰ ਮੁੰਡੇ ਕੁੜੀਆਂ ਵਾਂਗ, ਇੱਕ ਜੋੜਾ ਵੀ ਕਿਤਾਬਾਂ ਫੜੀ ਤੁਰਿਆ ਆ ਰਿਹਾ ਸੀ। ਇੱਕ ਫਿਲਮੀ ਸੀਨ ਦੀ ਤਰ੍ਹਾਂ, ਕੁੜੀ ਨੇ ਆਪਣੇ ਸੱਜੇ ਬੂਟ ਦੇ ਖੁੱਲ੍ਹੇ ਹੋਏ ਤਸਮੇ ਵੱਲ ਨਿਗ੍ਹਾ ਮਾਰੀ ਤੇ ਰੁੱਕ ਗਈ। ਅਗਲੇ ਹੀ ਪਲ, ਮੁੰਡੇ ਨੇ ਸੱਜਾ ਗੋਡਾ ਭੂੰਜੇ ਲਾ ਕੇ ਕੁੜੀ ਦਾ ਪੈਰ ਆਪਣੇ ਖੱਬੇ ਪੱਟ ਤੇ ਰੱਖ ਕੇ ਤਸਮਾ ਬੰਨ੍ਹ ਦਿੱਤਾ, ਬਾਅਦ ਚ ਦੋਨੋਂ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਏ ਅਤੇ ਓਥੋਂ ਤੁਰ ਪਏ। 
ਸਾਡੇ ਭਾਅ, ਚੰਡੀਗੜ੍ਹ ਵਾਲੀ ਆਸ਼ਕੀ ਦੀ ਹਾਸੋਹੀਣੀ ਗੱਲ ਸੀ ਅਤੇ ਐਸ ਫ਼ਿਲਮੀ ਸੀਨ ਨੂੰ ਅਸੀਂ ਮਰਦਾਨਗੀ ਦੀ ਸ਼ਾਨ ਦੇ ਖ਼ਿਲਾਫ਼, ਕੁੜੀ ਦੇ ਥੱਲੇ ਲੱਗਿਆ ਸਮਝ ਰਹੇ ਸਾਂ ਅਤੇ ਕੁੜੀ ਦੇ ਬੂਟ ਦਾ ਤਸਮਾ ਬੰਨ੍ਹਣ ਵਾਲੇ ਮੁੰਡੇ ਨਾਲ ਮਨੋ ਮਨੀਂ ਹਮਦਰਦੀ ਵੀ ਜਤਾ ਰਹੇ ਸਾਂ। 

ਪਟਿਆਲਾ ਗੁਰੂਦਵਾਰਾ ਸਾਹਿਬ ਵਿੱਚ, ਮੱਥਾ ਟੇਕ ਕੇ ਵਾਪਸੀ ਤੇ ਜੋੜਾ ਘਰ ਵਿੱਚ, ਵੇਖਿਆ ਕਿ ਇੱਕ ਪਿਓ ਗੋਡਾ ਲਾ ਕੇ ਆਪਣੀ ਨਿੱਕੀ ਧੀ ਰਾਣੀ ਦੇ ਬੂਟ ਦੇ ਤਸਮੇ ਬੰਨ੍ਹ ਰਿਹਾ ਸੀ, ਛੋਟੀ ਬੱਚੀ ਨੇ ਪਿਓ ਦੇ ਵੱਡੇ ਚਿੱਟੇ ਰੁਮਾਲ ਨਾਲ ਸਿਰ ਢੱਕਿਆ ਹੋਇਆ ਸੀ ਅਤੇ ਤਸਮੇ ਬੰਨ੍ਹਦੇ ਆਪਣੇ ਪਿਓ ਵੱਲ ਗਹੁ ਨਾਲ ਵੇਖ ਰਹੀ ਸੀ ਤੇ ਮੁਸਕਰਾ ਵੀ ਰਹੀ ਸੀ।
ਦੋਵਾਂ ਨੂੰ ਵੇਖ ਕੇ ਮੇਰੇ ਚਿਹਰੇ ਤੇ ਮੁਸਕਰਾਹਟ ਆਉਣੀ ਸੁਭਾਵਿਕ ਹੀ ਸੀ, ਪਰ ਕੁੱਝ ਸਕਿੰਟਾਂ ਦੀ ਮੁਸਕਰਾਹਟ ਤੋਂ ਬਾਅਦ ਸੰਜੀਦਗੀ ਨੇ ਮੈਨੂੰ ਘੇਰ ਲਿਆ ਅਤੇ ਇਹ ਵਾਕਿਆ ਲਿਖਣ ਲਈ ਮਜਬੂਰ ਕੀਤਾ।
ਰਿਸ਼ਤਿਆਂ ਦਾ ਮਿਆਰ ਹੀ ਹੁੰਦੈ ਜਿਸਦੇ ਤਹਿਤ, ਪਿਆਰ ਸਤਿਕਾਰ ਦੀਆਂ ਹੱਦਾਂ ਵਧਾਈਆਂ ਅਤੇ ਘਟਾਈਆਂ ਜਾ ਸਕਦੀਆਂ ਨੇ।

✍🏼ਕੰਵਲ

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ