ਇਤਿਹਾਸ ਅਤੇ ਮਿਥਿਹਾਸ ਵਿੱਚ, ਸ਼ਬਦਾਂ ਦੇ ਅੰਤਰ ਦੇ ਨਾਲ-ਨਾਲ, ਇਹਨਾਂ ਦੀ ਵਿਆਖਿਆ ਵਿੱਚ ਵੀ ਜ਼ਮੀਨ-ਅਸਮਾਨ ਦਾ ਅੰਤਰ ਹੈ।
ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਾਤਨ ਇਮਾਰਤਾਂ ਦੇ ਰੱਖ-ਰਖਾਵ ਦੇ ਪੱਖ ਵਾਲਿਆਂ ਨੂੰ ਪੱਥਰ ਪੂਜਕ ਤਾਂ ਬਿਲਕੁੱਲ ਵੀ ਨਹੀਂ ਮੰਨਿਆ ਜਾ ਸਕਦਾ। ਕਿਸੇ ਵੀ ਜਗ੍ਹਾ ਦਾ ਇਤਿਹਾਸ ਅਤੇ ਪੁਰਾਤਨ ਮਾਹੌਲ, ਓਸ ਜਗ੍ਹਾ ਦੇ ਵਜੂਦ ਦੀ ਗਵਾਹੀ ਭਰਦਾ ਹੈ। 
ਕਿਤਾਬਾਂ ਅਤੇ ਗ੍ਰੰਥਾਂ ਵਿੱਚ ਲਿਖਿਆ ਇਤਿਹਾਸ, ਰੂਹ ਦੀ ਖ਼ੁਰਾਕ ਅਤੇ ਜੀਵਨ ਜਾਚ ਸੁਧਾਰਣ ਵਿੱਚ ਇਜ਼ਾਫ਼ਾ ਕਰਦਾ ਹੈ ਤਾਂ ਪੁਰਾਤਨ ਇਮਾਰਤਾਂ ਵੀ, ਪੁਰਾਣੇ ਮਾਹੌਲ ਨੂੰ ਸਮਝਣ ਅਤੇ ਰੂਹ ਨੂੰ ਸਕੂਨ ਦੇਣ ਵਿੱਚ ਓਨਾਂ ਹੀ ਸਹਾਈ ਹੁੰਦੀਆਂ ਹਨ।


38 ਸੈਕਟਰ, ਚੰਡੀਗੜ੍ਹ ਦੇ ਗੁਰੂਦੁਆਰਾ ਸਾਹਿਬ ਵਿੱਚ ਪਹਿਲਾਂ ਵੀ ਕਈ ਵਾਰ ਮੱਥਾ ਟੇਕ ਕੇ ਆਇਆ ਹਾਂ। ਪਰ ਕੱਲ੍ਹ, ਪਹਿਲਾਂ ਵਾਲੀ ਇਮਾਰਤ ਵਿੱਚ ਮੁਰੰਮਤ ਚੱਲ ਰਹੀ ਸੀ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼, ਨਾਲ ਵਾਲੀ ਇਮਾਰਤ ਵਿੱਚ ਹੋਣ ਕਾਰਨ, ਓਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਚੰਡੀਗੜ੍ਹ ਦੇ ਵਜੂਦ ਦੀ ਗਵਾਹੀ ਭਰਦੀ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਵੇਖ ਕੇ ਅਚੰਭਾ ਵੀ ਹੋਇਆ ਅਤੇ ਖੁਸ਼ੀ ਵੀ ਹੋਈ।
ਤਾਂ ਸੁਭਾਅ ਮੁਤਾਬਿਕ, ਇਤਿਹਾਸ ਜਾਨਣ ਦੀ ਇੱਛਾ ਅਨੁਸਾਰ, ਪੁੱਛਣ ਤੇ ਪਤਾ ਲੱਗਿਆ ਕਿ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ, ਵਾਕਿਆ ਹੀ ਪਿੰਡ ਸ਼ਾਹ ਪੁਰ ਦੀ 1946 ਈ. ਤੋਂ, ਚੰਡੀਗੜ੍ਹ ਬਣਨ ਤੋਂ ਪਹਿਲਾਂ ਦੀ, ਉਸਾਰੀ ਹੋਈ ਹੈ। ਸਾਂਭ ਸੰਭਾਲ ਦੀ ਉਦਾਹਰਣ, ਇੱਕ ਖੇੜਾ ਵੀ ਉਮਰ ਦਰਾਜ਼ ਪਿੱਪਲ ਦੇ ਦਰੱਖ਼ਤ ਦੇ ਨਾਲ ਪੁਰਾਤਨ ਹਾਲਤ ਵਿੱਚ ਜਿਉਂ ਦਾ ਤਿਉਂ, ਸੁਸ਼ੋਭਿਤ ਹੈ।

ਪਿਛਲੇ ਕੁੱਝ ਚਿਰ ਤੋਂ, ਸਿੱਖਾਂ ਦੀ ਪਛਾਣ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ 30 ਸਾਲਾਂ ਬਾਅਦ ਲੱਭੀ ਪੁਰਾਤਨ ਇਮਾਰਤ ਬਾਰੇ, ਵਿਚਾਰ ਚਰਚਾ ਹੋ ਰਹੀ ਹੈ। ਕਿਸੇ ਸਮੇਂ, ਜੋ ਕਿ ਸ਼ਾਇਦ, 'ਗਿਆਨੀਆਂ ਦਾ ਬੁੰਗਾ' ਦੇ ਨਾਮ ਨਾਲ ਪ੍ਰਚੱਲਿਤ ਹੁੰਦੀ ਸੀ।
ਬੁੱਧੀਜੀਵੀਆਂ ਨਾਲ ਐਸ ਮੁਤੱਲਕ ਕੋਈ ਵਿਚਾਰ-ਚਰਚਾ ਕੀਤੇ ਬਿਨਾਂ ਹੀ, ਇਮਾਰਤ ਨੂੰ ਮਲੀਆਮੇਟ ਕਰਨ ਦੀ ਨਲਾਇਕੀ ਕਹਿ ਲਵੋ ਜਾਂ ਕੋਝੀ ਸਾਜਿਸ਼, ਬੇਨਕਾਬ ਹੋ ਚੁੱਕੀ ਹੈ। 
ਸਾਰੇ ਸਿੱਖ ਜਾਂ ਗੈਰ ਸਿੱਖਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਦੇ, ਸਮਝਣ ਅਤੇ ਵਿਚਾਰਨ ਤੇ ਨਿਰਭਰ ਕਰਦੈ ਅਤੇ ਹੁਣ ਸੋਚਣਾ ਵੀ ਲਾਜ਼ਮੀ ਹੈ ਕਿ ਦੋਬਾਰਾ ਚਾਬੀਆਂ ਦਾ ਮੋਰਚਾ ਲਗਾ ਕੇ, ਸਿੱਖ ਇਤਿਹਾਸ ਅਤੇ ਗੁਰੂਦੁਆਰਿਆਂ ਦੀਆਂ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਦਾ ਜੁੰਮਾ,  ਕਿਸਦੇ ਹੱਥ ਵਿੱਚ ਸੌਂਪਿਆ ਜਾਵੇ।

✍🏼 ਕੰਵਲ ਸੰਧੂ

 #sikh #chandigarh #punjab

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ