ਕਿਰਸਾਨੀ ਮੋਰਚਾ, ਦਸੰਬਰ 2020

ਕਿਸਾਨੀ ਸੰਘਰਸ਼ ਵਿੱਚ ਹਾਜ਼ਰੀ ਲਵਾ ਕੇ ਯੋਗਦਾਨ ਪਾਉਣ ਦੀ ਤਾਂਘ ਕਾਫ਼ੀ ਸਮੇਂ ਤੋਂ ਹੀ ਸੀ ਪਰ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਸਿਰ ਤੇ ਸੀ। ਸੋ ਭੈਣ ਦੇ ਵਿਆਹ ਤੋਂ ਬਾਅਦ 16 ਦਸੰਬਰ 2020 ਨੂੰ ਦਿਨ ਮਿਥਿਆ। ਮੈਂ ਤੇ ਮੇਰੇ ਸਾਥੀ ਨੇ,ਮਾਂ ਪਿਓ ਦੀਆਂ ਗਾਲਾਂ ਹਜ਼ਮ ਕਰਕੇ ਅਤੇ ਮਨ ਨੂੰ ਸਮਝਾਉਂਦਿਆਂ, 16 ਦਸੰਬਰ 2020 ਸ਼ਾਮੀ 6 ਵਜੇ ਚਾਲੇ ਪਾਏ ਸਿੰਘੂ ਬਾਡਰ ਨੂੰ। ਬੁਲਟ ਤੇ ਡੰਡਾ ਤਾਂ ਟੰਗ ਲਿਆ ਸੀ ਪਰ ਝੰਡਾ ਨਾ ਮਿਲਣ ਕਰਕੇ ਚਿੱਟਾ ਰੁਮਾਲ ਹੀ ਟੰਗਣਾ ਪਿਆ, ਜਜ਼ਬਾ ਭਰਪੂਰ ਸੀ।

ਮਾਣ ਮਹਿਸੂਸ ਹੋ ਰਿਹਾ ਸੀ ਖ਼ੁਦ ਤੇ ਕਿ ਅਸੀਂ ਰਜਾਈਆਂ ਛੱਡ ਕੇ ਕਿਸੇ ਚੰਗੇ ਕਾਰਜ ਲਈ ਘਰੋਂ ਨਿੱਕਲੇ ਸਾਂ। ਹਾਲਾਂਕਿ ਮੇਰਾ ਬੇਲੀ ਮਨੋਂ ਮਨੀਂ ਮੈਨੂੰ ਕੋਸ ਰਿਹਾ ਸੀ ਕਿ ਰਾਤ ਨੂੰ ਅੰਤਾਂ ਦੀ ਠੰਢ ਵਿੱਚ ਗਰਾਰੀ ਫਸਾ ਕੇ ਚਾਲੇ ਪਾਏ ਨੇ ਸੰਧੂ ਨੇ, ਖ਼ੈਰ! 
ਓਸ ਦਿਨ ਅਤੇ ਸ਼ਾਮ ਨੂੰ ਵਾਕਿਆ ਹੀ ਹੱਡ ਠਾਰਵੀਂ ਹਵਾ ਚੱਲ ਰਹੀ ਸੀ। 
ਪਰ  " ਹਿੰਮੰਤੇ ਮਰਦਾਂ ਮਦਦ ਏ ਖੁਦਾ। "

ਰਸਤੇ ਵਿੱਚ ਸ਼ਾਹਬਾਦ ਲੰਘਣ ਤੋਂ ਬਾਅਦ ਗੁਰਦਾਸਪੁਰ ਨੰਬਰ CRETA ਗੱਡੀ ਵਾਲਿਆਂ ਨੇ ਸਾਨੂੰ ਰੋਕ ਕੇ, "ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ" ਦਾ ਝੰਡਾ ਗਿਫ਼ਟ ਕੀਤਾ। ਝੰਡਾ ਲਾ ਕੇ ਮੰਨੋਂ ਵੀ ਦੂਣੇ ਚੌਣੇ ਹੋ ਕੇ ਅਸੀਂ ਹਵਾ ਨਾਲ ਝੰਡੇ ਦੀ ' ਫਰ ਫਰ' ਦੀ ਆਵਾਜ਼ ਨੂੰ ਸੁਣਦੇ ਜਾਂਦੇ ਅਤੇ ਨਾਲ ਹੀ ਟੀਚੇ ਵੱਲ ਧਿਆਨ ਕੇਂਦਰਤ ਕਰਦੇ ਜਾਂਦੇ।

ਤੁਰਨ ਤੋਂ ਬਾਅਦ ਸਾਨੂੰ ਇੱਕ ਸੱਪ ਵਾਂਗੂੰ ਵੱਲ ਵਲੇਵੇਂ ਖਾਂਦੀ ਕਾਰ ਟੱਕਰੀ ਜੋ ਸੜਕ ਦੇ ਐਨ ਵਿਚਕਾਰ ਜਾ ਰਹੀ ਸੀ, ਬਚਦੇ ਬਚਾਉਂਦੇ ਅਤੇ ਕਾਰ ਵਾਲੇ ਨੂੰ ਗਾਲਾਂ ਦਾ ਤੋਹਫ਼ਾ ਪ੍ਰਦਾਨ ਕਰਦੇ, ਅਸੀਂ ਓਸ ਕਾਰ ਤੋਂ ਬੁਲਟ ਅੱਗੇ ਕੀਤਾ।
ਕੁਰੂਕਸ਼ੇਤਰ ਦੇ ਲਾਗੇ, ਓਸੇ ਕਾਰ ਨੇ ਸਾਡੇ ਕੋਲੋਂ ਕੱਟ ਮਾਰ ਕੇ ਗੱਡੀ ਨੂੰ ਅੱਗੇ ਕੀਤਾ, ਸਾਨੂੰ ਐਸੀ ਸਿਆਣਪ ਵੇਖ ਕੇ ਮਿੰਟਾਂ ਵਿੱਚ ਸਮਝ ਆ ਚੁੱਕੀ ਸੀ ਕਿ ਅਸਰ ਮਦਿਰਾ ਦਾ ਹੈ ਜਾਂ ਓਵੇਂ ਦੀ ਹੀ ਕਿਸੇ ਸ਼ੈਅ ਦਾ ਜਾਂ ਹੋ ਸਕਦਾ ਕੋਈ ਮੈਡੀਕਲ ਦਿੱਕਤ। 

ਸੋ ਸੁਭਾਅ ਤੋਂ ਮਜਬੂਰ ਅਸੀਂ ਬੁਲਟ ਬਰੋਬਰ ਲਾ ਕੇ, ਉਹ ਗੱਡੀ ਹੱਥ ਦੇ ਕੇ ਰੋਕ ਲਈ ਤਾਂ ਪਤਾ ਲੱਗਿਆ ਕਿ ਮੁੰਡੇ ਨੂੰ ਲੂ ਦਾ ਜ਼ੋਰ ਪੈਣ ਕਰਕੇ ਪੱਥਰੀ ਦਾ ਦਰਦ ਹੋ ਰਿਹਾ ਸੀ ਅਤੇ ਘਰ ਛੇਤੀ ਪਹੁੰਚਣ ਦੀ ਕਾਹਲ ਕਰਕੇ ਗੱਡੀ ਰੋਕ ਨਹੀਂ ਸੀ ਰਿਹਾ। 

ਅਸੀਂ ਠੰਢ ਜ਼ਿਆਦਾ ਹੋਣ ਕਰਕੇ ਮੂੰਹ ਢਕੇ ਹੋਏ ਸੀ। ਨਾਂ ਤੇ ਅਸੀਂ ਓਹਨੂੰ ਜਾਣਦੇ ਸੀ ਅਤੇ ਨਾਂ ਉਹ ਸਾਨੂੰ, ਅਸੀਂ ਪਾਣੀ ਪਿਲਾਇਆ ਅਤੇ ਗੱਲਾਂ ਤੋਂ ਪਤਾ ਲੱਗਿਆ ਕਿ ਮੁੰਡੇ ਨੇ ਕਰਨਾਲ ਜਾਣਾ, ਪਰ ਉਹ ਵਾਰ ਵਾਰ ਸਾਡੀਆਂ ਪੱਗਾਂ ਵੱਲ ਵੇਖ ਕੇ ਖੁਸ਼ ਵੀ ਹੋ ਰਿਹਾ ਸੀ ਅਤੇ ਇੱਜ਼ਤ ਵੀ ਕਰ ਰਿਹਾ ਸੀ, ਕਿਉਂਕਿ ਸਾਡੇ ਵਜੂਦ ਤੋਂ ਜ਼ਰੂਰ ਜਾਣੂੰ ਸੀ। ਸਾਡੇ ਮਦਦ ਬਾਰੇ ਪੁੱਛਣ ਤੇ ਹੱਥ ਬੰਨ ਕੇ ਸ਼ੁਕਰੀਆ ਕੀਤਾ ਅਤੇ ਗੱਡੀ ਹੌਲੀ ਚਲਾਉਣ ਦਾ ਵਾਅਦਾ ਕਰਕੇ ਚਲਾ ਗਿਆ।  
   ਰਾਤੀ 9 ਕੂ ਵਜੇ ਅਸੀਂ ਕਰਨਾਲ ਪਹੁੰਚ ਚੁੱਕੇ ਸੀ। ਘਰੋਂ ਫ਼ੋਨ ਆਉਣ ਲੱਗ ਪਏ ਸਨ ਕੇ ਸਿੰਘੂ ਬਾਡਰ ਤੇ ਗੋਲੀ ਚੱਲ ਪਈ ਬਾਬਾ ਰਾਮ ਸਿੰਘ ਕਰਨਾਲ ਵਾਲੇ ਸੁਰਗਵਾਸ ਹੋਗੇ। ਮੀਡੀਆ ਕਿਸ ਤਰੀਕੇ ਨਾਲ ਖਬਰਾਂ ਵਿਖਾ ਰਿਹਾ ਹੋਣਾ ਅਸੀਂ ਭਲੀ ਭਾਂਤ ਜਾਣੂੰ ਸਾਂ, ਗੋਦੀ ਮੀਡੀਆ ਵੱਲੋਂ ਫੈਲਾਏ ਜਾ ਰਹੇ ਕੂੜ ਪਰਚਾਰ ਕਰਕੇ ਸਭਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਸੀ।
ਕਰਨਾਲ ਰਿਸ਼ਤੇਦਾਰਾਂ ਦਿਆਂ ਫ਼ੋਨਾਂ ਤੋਂ ਬਾਅਦ,ਘਰਦਿਆਂ ਦੀ ਚਿੰਤਾ ਨੂੰ ਮੁੱਖ ਰੱਖਦੇ ਹੋਏ ਸਾਨੂੰ ਕਰਨਾਲ ਰੁਕਣਾ ਪਿਆ।ਅਗਲੇ ਦਿਨ ਸਵੇਰੇ ਪੇਟ ਪੂਜਾ ਕਰਕੇ ਅਸੀਂ ਸਿੰਘੂ ਬਾਡਰ ਨੂੰ ਚਾਲੇ ਪਾਏ ਅਤੇ ਬੁਲਟ ਸਿੱਧਾ ਕੁੰਡਲੀ ਬਾਡਰ ਰੋਕ ਕੇ ਬਾਈ ਬਿੱਟੂ ਧਨੌਰੀ ਅਤੇ ਖਰੜ ਵਾਲਿਆਂ ਦੀ ਟਰਾਲੀ ਵਿੱਚ ਸਮਾਨ ਰੱਖਕੇ ਸਿੰਘੂ ਬਾਡਰ ਦੀ ਸਟੇਜ ਕੋਲ ਜਾਕੇ ਹਾਜ਼ਰੀ ਲਵਾਈ

✍🏼ਕੰਵਲ 

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ